ਮਾਮਾ ਖੜ੍ਹਾ ਵੇ ਖੜ੍ਹੋਤਾ,
ਤੇਰਾ ਲੱਕ ਥੱਕ ਜਾਊ…
ਨਾਲ ਮਾਮੀ ਨੂੰ ਖੜ੍ਹਾ ਲੈ,
ਵੇ ਸਹਾਰਾ ਲੱਗ ਜਾਊ…
ਕੁੜਮਾਂ ਖੜ੍ਹਾ ਵੇ ਖੜ੍ਹੋਤਾ,
ਤੇਰਾ ਲੱਕ ਥੱਕ ਜਾਊ…
ਨਾਲ ਜ਼ੋਰੋ ਨੂੰ ਖੜ੍ਹਾ ਲੈ,
ਵੇ ਸਹਾਰਾ ਲੱਗ ਜਾਊ…
ਮੇਰੇ ਕਾਂਟੇ ਦੀ ਲੰਮੀ-ਲੰਮੀ ਡੋਰ,
ਕਾਂਟੇ ਨੂੰ ਖਿੱਚ ਪੈਂਦੀ ਆ…
ਮਾਮੀ ਨੂੰ ਲੈ ਗਏ ਚੋਰ,
ਲੁਧਿਆਣੇ ਦੱਸ ਪੈਂਦੀ ਆ…
ਮਾਮਾ ਪੜ੍ਹਦਾ ਤਾਂ ਸੁਣਿਆ ਸੀ,
ਬਣਿਆ ਨਾ ਠਾਣੇਦਾਰ…
ਮਾਮਾ, ਬਣਿਆ ਨਾ ਠਾਣੇਦਾਰ…
ਵੇ ਮਾਸਟਰਾਂ ਦੇ ਡੰਡੇ ਖਾਧੇ,
ਅੱਖਰ ਨਾ ਸਿੱਖਿਆ ਚਾਰ…
ਵੇ ਮਾਮਾ,
ਅੱਖਰ ਨਾ ਸਿੱਖਿਆ ਚਾਰ…
ਮਾਮਾ ਓਸ ਦੇਸੋਂ ਆਇਆ,
ਜਿੱਥੇ ਝਾੜੀ ਵੀ ਨਾ…
ਮਾਮੇ ਦਾ ਕੋਠੇ ਜਿੱਡਾ ਮੂੰਹ,
ਮੂੰਹ ’ਤੇ ਦਾੜ੍ਹੀ ਵੀ ਨਾ…