ਮਾਪਿਆਂ ਤੇਰਿਆਂ ਨੇ ਅੱਡ ਕਰ ਦਿੱਤਾ,
ਦੇ ਕੇ ਛੱਪੜ ‘ਤੇ ਘਰ ਵੇ…
ਉੱਥੇ ਡੱਡੂ ਬੋਲਦੇ,
ਜਵਾਕ ਜਾਣਗੇ ਡਰ ਵੇ…
ਮਾਪਿਆਂ ਤੇਰਿਆਂ ਨੇ ਅੱਡ ਕਰ ਦਿੱਤਾ,
ਦੇ ਕੇ ਬੂਰਾ ਝੋਟਾ…
ਵੇ ਤੂੰ ਉਹਦੀ ਪੂਛ ਫੜ੍ਹੀਂ,
ਮੈਂ ਮਾਰੂੰਗੀ ਸੋਟਾ…
ਆਪ ਤਾਂ ਤੁਰ ਗਿਆ ਨੌਕਰੀ,
ਮਾਂ ਨੂੰ ਦੇ ਗਿਆ ਘੜੀ..
ਵੇ ਮਾਂ ਤੇਰੀ ਟਾਈਮ ਦੇਖ ਕੇ ਲੜੀ…
ਵੇ ਮਾਂ ਤੇਰੀ ਟਾਈਮ ਦੇਖ ਕੇ ਲੜੀ…
ਮਾਰ ਤਿਤਲੀ ਉਡਾਰੀ..
ਨੀਂ ਮੈਂ ਉੱਡ ਆਈ ਸਾਰੀ,
ਪੇਕੇ ਸਾਲ ਛਿਮਾਹੀ ਪਿੱਛੋਂ..
ਜਾਇਆ ਕਰਾਂਗੇ,
ਘਰ ਸਹੁਰਿਆਂ ਦੇ ਹੁਕਮ..
ਚਲਾਇਆ ਕਰਾਂਗੇ…
ਘਰ ਸਹੁਰਿਆਂ ਦੇ ਹੁਕਮ..
ਚਲਾਇਆ ਕਰਾਂਗੇ…
ਕੋਰੇ-ਕੋਰੇ ਕੂੰਡੇ ਵਿੱਚ ਮਿਰਚਾਂ ਮੈਂ ਰਗੜਾਂ..
ਸਹੁਰੇ ਦੀਆਂ ਅੱਖਾਂ ਵਿੱਚ ਪਾ ਦਿੰਨੀਂ ਆਂ,
ਨੀ ਘੁੰਡ ਕੱਢਣੇ ਦੀ ਅਲਖ ਮਿਟਾ ਦਿੰਨੀ ਆਂ…
ਨੀ ਘੁੰਡ ਕੱਢਣੇ ਦੀ ਅਲਖ ਮਿਟਾ ਦਿੰਨੀ ਆਂ…